Blog

Recent Post

post

ਕੱਖ ਕੰਡੇ


Feb 15, 2020

ਗੁਰਨਾਮ ਅਕੀਦਾ ਦੀ ਸਵੈ ਜੀਵਨੀ ਕੱਖ ਕੰਡੇ ਪੜ੍ਹੀ। ਇਸ ਵਾਰ ਲੇਖਕ ਆਪਣੇ ਪਿੰਡ ,ਆਪਣੇ ਖਾਨਦਾਨੀ ਕਿੱਤੇ, ਜਨਮ ਤੇ ਬਾਕੀ ਜੀਵਨ ਦੇ ਸਫ਼ਰ ਬਾਰੇ ਦੱਸਦਾ ਹੈ ਸ਼ੁਰੂ ਹੁੰਦਾ ਪਿਤਾ ਦੇ ਜੁੱਤੀ ਬਣਾਉਣ ਦੇ ਕਿੱਤੇ ਤੋਂ। ਚਮੜੇ ਦੀ ਖਰੀਦ ਫਰੋਖਤ, ਬਜ਼ਾਰ, ਚਮੜੇ ਦੀ ਤਿਆਰੀ ਕਿਵੇਂ ਹੁੰਦੀ ਲੇਖਕ ਦਾ ਪਿਛੋਕੜ ਪਿੰਡ ਦਾ ਹੈ। ਪਿੰਡਾਂ ਵਿਚ ਜਾਤ ਪਾਤ ਦੇ ਕੋਹੜ ਦਾ ਅਸਰ ਜਿਆਦਾ ਹੁੰਦਾ ਹੈ। ਲੇਖਕ ਦੱਸਦਾ ਹੈ ਕਿ ਗਿੰਦਰ ਜੁੱਤੀ ਲੈਣ ਆ ਜਾਂਦਾ ਸੀ ਤਾਂ ਉਹ ਬੈਠ ਤਾਂ ਜਾਂਦਾ ਸੀ ਪਰ ਸਾਡੇ ਘਰੋਂ ਚਾਹ ਨਹੀਂ ਸੀ ਪੀਂਦਾ ਕਦੇ ਲੇਖਕ ਤੇ ਉਸਦਾ ਬਾਪ ਜਦੋ ਆਪਣੇ ਟੋਹ ਛੋਟੀ ਜਾਤ ਵਾਲੇ ਬਾਰੂ ਘਰ ਗਏ ਤਾਂ ਉਸਦੇ ਬਾਪ ਨੇ ਵੀ ਉਹਨਾਂ ਘਰੋਂ ਚਾਹ ਨਾ ਪੀਤੀ ਤੇ ਮੰਜੇ ਤੇ ਵੀ ਨਾ ਬੈਠਿਆ। ਇੰਜ ਬਾਰੂ ਵੀ ਟੱਪਰੀਵਾਸਾ ਦੀਆਂ ਝੁੱਗੀਆਂ 'ਚ ਚਲਾ ਤਾਂ ਜਾਂਦਾ ਪਰ ਓਥੇ ਕੁਝ ਖਾਂਦਾ ਪੀਂਦਾ ਨਾ। ਹਰ ਕੋਈ ਇਸ ਜਾਤਪਾਤ ਵਾਲੇ ਸਿਸਟਮ ਵਿੱਚ ਆਪਣਾ ਬਣਦਾ ਹਿੱਸਾ ਪਾਉਂਦਾ ਹੈ।ਤਾਂ ਹੀ ਮਨੁੱਖ ਦੀ ਹਰ ਖੇਤਰ ਵਿਚ ਇੰਨੀ ਤਰੱਕੀ ਦੇ ਬਾਵਜੂਦ ਇਸ ਤੋਂ ਪਿੱਛਾ ਨਹੀਂ ਛੁਡਾ ਪਾਇਆ।ਕੁੱਝ ਸੀਮਤ ਲੋਕਾਂ ਕਰ ਕੇ ਹੀ ਇਹ ਸਭ ਇੰਨੇ ਲੰਮੇ ਸਮੇਂ ਤੱਕ ਨਹੀਂ ਚੱਲ ਸਕਦਾ ਸੀ।ਮਨਿੰਦਰ ਕਾਂਗ ਦੀ ਕਹਾਣੀ ਕੁੱਤੀ ਵੇਹੜਾ ਯਾਦ ਆ ਗਈ।
ਲੇਖਕ ਦੱਸਦਾ ਹੈ ਕਿ ਕਿਵੇਂ ਨੌਕਰੀ ਦੇ ਲਈ ਉਸਨੂੰ ਸਿਫਾਰਿਸ਼ ਵਾਸਤੇ ਉੱਚੀ ਜਾਤ ਵਾਲਿਆ ਦੇ ਖੇਤਾਂ ਵਿਚ ਵਗਾਰ ਕਰਨੀ ਪੈਂਦੀ ਹੈ।
ਸਾਰੀ ਸਵੈ ਜੀਵਨੀ ਵਿੱਚ ਜਦੋਂ ਕੋਈ ਕਿੱਸਾ ਲੇਖਕ ਸੁਣਾਉਂਦਾ ਹੈ ਤਾਂ ਉਸ ਤੋਂ ਬਾਅਦ ਕਿਸੇ ਨਾ ਕਿਸੇ ਦਾ ਰੈਫਰੇਂਸ ਦੇ ਕੇ ਗੱਲ ਕਹੀ ਜਾਂਦੀ ਹੈ। ਜਿਵੇਂ ਬਾਪੂ ਕਹਿੰਦਾ ਸੀ ਆਤਮਾ ਪ੍ਰਕਾਸ਼ ਕਹਿੰਦੇ , ਰਾਮ ਸਿੰਘ ਬੰਗ ਕਹਿੰਦੇ । ਹੁਣ ਇਹ ਆਤਮਾ ਪ੍ਰਕਾਸ਼ ਪਤਾ ਨਹੀਂ ਕੌਣ ਹਨ ਪਰ ਇਹਨਾਂ ਦੀਆ ਸਾਰੀਆਂ ਗੱਲਾਂ ਸਮਝਣ ਵਾਲੀਆਂ ਹਨ। ਕਿਤਾਬ ਪੜ੍ਹਨ ਵਿੱਚ ਵਧੀਆ ਹੈ।

post

ਭਾਰਤੀ ਇਤਿਹਾਸ ਮਿਥਿਹਾਸ


Apr 15, 2020

ਭਾਰਤੀ ਇਤਿਹਾਸ ਮਿਥਿਹਾਸ ਮਨਮੋਹਨ ਬਾਵਾ ਦੀ ਭਾਰਤ ਦੇ ਇਤਿਹਾਸ ਤੇ ਲਿਖੀ ਕਿਤਾਬ ਹੈ। ਇਸ ਵਿਚ ਪ੍ਰਾਚੀਨ ਭਾਰਤ ਤੋਂ ਲੈ ਕੇ ਆਜ਼ਾਦੀ ਦੇ ਬਾਅਦ ਤੋਂ ਭਾਰਤ ਬਾਰੇ ਗੱਲ ਕੀਤੀ ਗਈ ਹੈ। ਕਿਤਾਬ ਵਿੱਚ ਵੱਖ ਵੱਖ ਕੌਮਾਂ ਦੇ ਯੁੱਧਾਂ ਤੇ ਉਹਨਾਂ ਦੇ ਭਾਰਤ ਤੇ ਰਾਜ ਕਰਨ ਦਾ ਜ਼ਿਕਰ ਹੈ। ਜਿਆਦਾਤਰ ਇਸ ਕਿਤਾਬ ਵਿਚ ਇਤਿਹਾਸ ਹੀ ਹੈ। ਪਰ ਜੇਕਰ ਮਿਥਿਹਾਸ ਦੀ ਗੱਲ ਕੀਤੀ ਜਾਵੇ ਤਾਂ ਉਹ ਸਿਰਫ ਮਹਾਭਾਰਤ ਤੇ ਰਾਮਾਇਣ ਬਾਰੇ ਗੱਲ ਕੀਤੀ ਗਈ ਹੈ ਕਿ ਮਹਾਭਾਰਤ ਵਿਚ ਕੀ ਇਤਿਹਾਸ ਹੈ ਤੇ ਕਿ ਮਿਥਿਹਾਸ। 
ਅੱਜ ਤੋਂ ਬਹੁਤ ਸਾਲ ਪਹਿਲਾਂ ਕਿਸੇ ਨਾਲ ਮਹਾਭਾਰਤ ਬਾਰੇ ਗੱਲ ਕਰਦਿਆਂ ਗੱਲ ਹੋਈ ਸੀ ਤਾਂ ਪੁੱਛਿਆ ਸੀ ਕਿ ਜਿਵੇਂ ਦੀਆਂ ਗੱਲਾਂ ਲਿਖੀਆਂ ਕਿ ਇੰਝ ਹੋਇਆ ਹੋਵੇਗਾ ਤਾਂ ਜਵਾਬ ਸੀ ਕਿ ਹੋ ਸਕਦਾ ਕੋਈ ਛੋਟਾ ਯੁੱਧ ਹੋਇਆ ਹੋਵੇ ਪਰ ਸਮੇਂ ਦੇ ਨਾਲ ਇਕ ਮੂੰਹ ਤੋਂ ਦੂਜੇ ਮੂੰਹ ਤੁਰਦੀ ਤੁਰਦੀ ਕਥਾ ਨੇ ਅੱਜ ਵਾਲਾ ਰੂਪ ਲੈ ਲਿਆ ਹੋਵੇ।
ਮਹਾਭਾਰਤ ਤੇ ਰਾਮਾਇਣ ਵਾਲਾ ਹਿੱਸਾ ਵਧੀਆ ਤੇ ਜਾਣਕਾਰੀ ਭਰਪੂਰ ਹੈ। ਇਸ ਤੋਂ ਬਾਅਦ ਸਿਕੰਦਰ, ਚੰਦਰ ਗੁਪਤ ਮੋਰੀਆ, ਸ਼ੇਰ ਸ਼ਾਹ ਸੂਰੀ, ਬਾਬਾ ਬੰਦਾ ਸਿੰਘ ਬਹਾਦਰ 1857,1947 ਅਤੇ ਦਿੱਲੀ ਬਾਰੇ ਲੇਖ ਹਨ।
ਬਾਬਾ ਬੰਦਾ ਸਿੰਘ ਬਹਾਦਰ ਦੇ ਗੁਰੂ ਸਾਹਿਬ ਨਾਲ ਮਿਲਣ ਤੋਂ ਪਹਿਲੇ ਜੀਵਨ ਬਾਰੇ ਬਹੁਤ ਘੱਟ ਪਤਾ ਚਲਦਾ ਹੈ। ਇਸ ਕਿਤਾਬ ਨੇ ਉਹਨਾਂ ਦੇ ਪਹਿਲੇ ਜੀਵਨ ਬਾਰੇ ਆਪਣੇ ਅਨੁਮਾਨ ਦੱਸੇ ਹਨ।

post

ਤਿੱਬਤ ਵਿਚ ਸਵਾ ਸਾਲ


Apr 28, 2020

ਤਿੱਬਤ ਵਿਚ ਸਵਾ ਸਾਲ ਰਾਹੁਲ ਸਾਂਕਰਤਿਆਯਨ ਦੀ ਲਿਖੀ ਅਤੇ ਨਿਰਮਲਜੀਤ ਦੀ ਪੰਜਾਬੀ ਵਿਚ ਅਨੁਵਾਦ ਕੀਤੀ ਕਿਤਾਬ ਹੈ। ਮੂਲ ਰੂਪ ਵਿੱਚ ਇਹ ਕਿਤਾਬ 1934 ਵਿੱਚ ਪ੍ਰਕਾਸ਼ਿਤ ਹੋਈ। ਇਹ ਸਫ਼ਰਨਾਮਾ ਥੋੜ੍ਹਾ ਅਲੱਗ ਤਰ੍ਹਾਂ ਦਾ ਹੈ। ਕਿਉਂਕਿ ਲੇਖਕ ਨੇ ਜਦ ਇਹ ਸਫ਼ਰ ਕੀਤਾ ਤਾਂ ਉਸ ਸਮੇਂ ਆਵਾਜਾਈ ਦੇ ਸਾਧਨ ਬਹੁਤੇ ਨਹੀਂ ਸਨ। ਜਿਆਦਾਤਰ ਸਫ਼ਰ  ਪੈਦਲ ਹੀ ਕੀਤਾ। ਅਤੇ ਦੂਸਰਾ ਇਸ ਸਫਰ ਦਾ ਮੰਤਵ ਸੀ ਕਿ ਬੁੱਧ ਧਰਮ ਨਾਲ ਸਬੰਧਤ ਧਾਰਮਿਕ ਕਿਤਾਬਾਂ ਨੂੰ ਇਕੱਠਾ ਕਰਨਾ।ਇਹ ਸਫ਼ਰ ਘੁੰਮਣਾ ਫਿਰਨਾ ਨਹੀਂ ਸੀ। ਤੀਸਰੀ ਰਾਹੁਲ ਇਕ ਖ਼ੁਦ ਵੱਡੇ ਵਿਦਵਾਨ ਸਨ। ਸੋ ਰਸਤੇ ਵਿੱਚ ਆਉਂਦੀਆਂ ਥਾਵਾਂ ਦੀ ਮਹੱਤਤਾ ਓਹਨਾ ਨੂੰ ਵਧੀਆ ਤਰ੍ਹਾਂ ਪਤਾ ਸੀ। ਸੋ ਇਸ ਤਰ੍ਹਾਂ ਆਵਾਜਾਈ ਦੇ ਸਾਧਨਾਂ ਦੀ ਘਾਟ ਨੇ ਸਫ਼ਰ ਨੂੰ ਹੌਲੀ ਤਾਂ ਕਰ ਦਿੱਤਾ ਪਰ ਉਸ ਦੇ ਰਾਹੁਲ ਨੂੰ ਉਹ ਸਾਰੀਆਂ ਚੀਜ਼ਾਂ ਬਾਰੇ ਲਿਖਣ ਦਾ ਮੌਕਾ ਦਿੱਤਾ ਜੋ ਜੋ ਰਸਤੇ ਵਿੱਚ ਮਿਲੀਆਂ। ਸਫ਼ਰ ਨੇਪਾਲ ਰਾਹੀਂ ਲਹਾਸਾ ਜਾਣ ਦਾ ਫਿਰ ਸਿੱਕਮ ਰਾਹੀਂ ਵਾਪਿਸ ਆਉਣ ਦਾ ਹੈ। ਰਾਹੁਲ ਦੀ ਇਸ ਯਾਤਰਾ ਦਾ ਸਮਾਂ ਉਹਨਾਂ ਵਲੋਂ 7 ਸਾਲ ਨਿਸ਼ਚਿਤ ਕੀਤਾ ਗਿਆ ਸੀ।ਜਿਸ ਵਿੱਚ 3 ਸਾਲ ਲਹਾਸਾ ਰਹਿ ਕੇ ਗ੍ਰੰਥਾਂ ਦਾ ਅਧਿਐਨ ਕਰਨਾ ਸੀ। ਤੇ ਬਾਅਦ ਵਿੱਚ ਜਪਾਨ ਵੱਲ ਜਾਣ ਦਾ ਸੀ। ਪਰ ਨੇਪਾਲ ਤਿੱਬਤ ਦੇ ਲੜਾਈ ਦੇ ਹਾਲਾਤ ਕਰਕੇ ਵਾਪਿਸ ਭਾਰਤ ਮੁੜਨਾ ਪਿਆ।
ਇਹ ਸਫ਼ਰਨਾਮਾ ਇਸ ਕਰ ਕੇ ਅਲੱਗ ਲੱਗਾ ਕਿਉਂਕਿ ਜਿਸ ਰਸਤਿਆਂ ਤੇ ਚੱਲ ਕੇ ਰਾਹੁਲ ਗਏ ਤੇ  ਵਾਪਿਸ ਆਏ ਉਹਨਾਂ ਰਸਤਿਆਂ ਤੇ ਵਸਦੇ ਲੋਕਾਂ ਦਾ ਸਮਾਜਿਕ ਧਾਰਮਿਕ ਜੀਵਨ ਤੇ ਉਹਨਾ ਦਾ ਰਹਿਣ ਸਹਿਣ ਕੱਪੜੇ ਬਾਰੇ ਜਾਣਕਾਰੀ ਸ਼ਾਇਦ ਕਿਸੇ ਹੋਰ ਤੋਂ ਨਾ ਮਿਲ ਸਕਦੀ। ਕਿਤਾਬ ਵਿੱਚ ਭੋਟੀਆਂ ਲੋਕ ,ਯਲਮੋ, ਤਿੱਬਤੀ ਤੇ  ਤਿੱਬਤੀਆਂ ਦੀਆਂ ਸ੍ਰੇਣੀਆਂ ਦਾ ਜੀਵਨ ਲਾਗੇ ਦਰਸਾਇਆ ਗਿਆ ਹੈ। ਕਿਉਂਕਿ ਆਪਣੇ ਸਫ਼ਰ ਦੌਰਾਨ ਰਾਹੁਲ ਨੂੰ ਇਹਨਾਂ ਵਿਚੋਂ ਕਿਸੇ ਨਾ ਕਿਸੇ ਦੇ ਘਰ ਰਹਿਣਾ ਪੈਂਦਾ ਸੀ।
ਕਿਤਾਬ ਦੇ ਅੰਤਲੇ ਭਾਗ ਵਿਚ ਤਿੱਬਤ ਨੇਪਾਲ ਦੇ ਯੁੱਧ ਸਮੇਂ ਬਣੇ ਹਾਲਾਤ ਤੇ ਉਹਨਾਂ ਹਾਲਾਤ ਵਿੱਚ ਚੀਨ ਤੇ ਅੰਗਰੇਜ਼ਾਂ ਦੀ ਭੂਮਿਕਾ ਬਾਰੇ ਹੈ। ਕਿਤਾਬ ਪੜ੍ਹਨ ਯੋਗ ਹੈ। ਕੁੱਲ ਮਿਲਾ ਕੇ ਕਿਤਾਬ ਤੇ ਬਹੁਤ ਮਿਹਨਤ ਕੀਤੀ ਗਈ ਹੈ। ਅਨੁਵਾਦਕ ਵੱਲੋਂ ਵੀ ਤੇ ਲੇਖਕ ਵੱਲੋਂ ਵੀ। ਕਿੰਨੀ ਵਧੀਆ ਗੱਲ ਹੁੰਦੀ ਜੇ ਕਿਤਾਬ ਦੇ ਨਾਲ ਰਾਹੁਲ ਦੀ ਪੂਰੀ ਯਾਤਰਾ ਦਾ ਨਕਸ਼ਾ ਵੀ ਦਿੱਤਾ ਗਿਆ ਹੁੰਦਾ,ਤੇ ਚਿੱਤਰ ਹੋਰ ਵੀ ਸੰਜੀਵ ਹੋ ਜਾਣਾ ਸੀ। ਕਿਤਾਬ ਸ਼ਾਇਦ ਦੁਬਾਰਾ ਪੜ੍ਹਾ ਨਕਸ਼ਾ ਕੋਲ ਰੱਖ ਕੇ।ਮਨ ਵਿਚ ਰਸਤੇ ਦੇ ਚਿੱਤਰ ਆਪਣੇ ਆਪ ਬਣਦੇ ਹਨ। ਕੀ ਸਮਾਂ ਹੋਵੇਗਾ ਉਹ ਜਦ ਰਾਹੁਲ ਨੇ ਇਹ ਸਫ਼ਰ ਕਰ ਲਿਆ,ਅੱਜ ਦੇ ਸਮੇਂ ਵਿਚ ਵੀ ਇਹ ਉਨਾਂ ਹੀ ਔਖਾ ਹੋਵੇਗਾ ।ਸ਼ਾਇਦ ਹੀ ਇੰਨਾਂ ਪੁਰਾਣਾ ਤੇ ਅਜਿਹਾ ਸਫ਼ਰਨਾਮਾ ਹੋਰ ਹੋਵੇ।ਪੰਜਾਬੀ ਵਿਚ ਜੇ ਹੈ ਤਾਂ ਨਾਮ ਜਰੂਰ ਦਸਣਾ।

post

I, Steve


Apr 23, 2020

I, Steve ਵਿੱਚ ਐਪਲ ਕੰਪਿਊਟਰਸ ਦੇ CEO ਰਹੇ ਸਟੀਵ ਜਾਬਸ ਦੇ ਵੱਖ ਵੱਖ ਰਸਾਲੇ, ਅਖਬਾਰ, ਟੀ ਵੀ ਚੈਨਲ ਤੇ ਕਾਨਫਰੰਸ ਵਿਚ ਦਿੱਤੀਆਂ ਗਈਆਂ ਸਟੇਟਮੈਂਟਸ ਹਨ।
ਕਿਤਾਬ ਪੜ੍ਹ ਕੇ ਪਤਾ ਚਲਦਾ ਹੈ ਕਿ ਸਟੀਵ ਕਿਵੇਂ ਸੋਚਦਾ ਸੀ ਆਪਣੇ ਪ੍ਰੋਡਕਟ, ਕੰਪਨੀ, ਕਰਮਚਾਰੀਆਂ,ਹਿੱਸੇਦਾਰ ਤੇ ਵਿਰੋਧੀਆਂ ਬਾਰੇ ਇਸ ਦੇ ਕਿ ਵਿਚਾਰ ਸਨ।
ਪੜ੍ਹ ਕੇ ਪਤਾ ਲੱਗਦਾ ਕਿ ਉਹ ਆਪਣੇ ਸਮੇਂ ਤੋਂ ਅੱਗੇ ਦਾ ਆਦਮੀ ਸੀ। ਉਸਦੀ ਇਕ ਗੈਰਾਜ ਵਿਚ ਸ਼ੁਰੂ ਕੀਤੀ ਕੰਪਨੀ ਦੇ ਪ੍ਰੋਡਕਟ MAC ਦਾ ਮੁਕਾਬਲਾ ਕਰਨ ਵਿੱਚ ਉਸ ਸਮੇਂ ਦੀ ਸਭ ਤੋਂ ਵੱਡੀ ਕੰਪਨੀ IBM ਨੂੰ ਕਿੰਨੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਕਿਤਾਬ ਵਿੱਚ ਕੁਟੇਸ਼ਨ ਨੂੰ ਕੁੱਝ ਭਾਗਾਂ ਵਿੱਚ ਵੰਡਿਆ ਹੋਇਆ ਹੈ ਅਤੇ ਹਰ ਕੁਟੇਸ਼ਨ ਦੇ ਨਾਲ ਉਸਦਾ ਸਿਰਲੇਖ ਦਿੱਤਾ ਹੋਇਆ ਹੈ ਜੋ ਕਿ ਸ਼ਾਇਦ ਜੋ ਕਿ ਸ਼ਾਇਦ ਸੰਪਾਦਕ ਵੱਲੋਂ ਹੈ। ਇਹ ਕੁਟੇਸ਼ਨ ਸਮਝਣ ਵਿਚ ਕਾਫੀ ਮਦਦ ਕਰਦਾ ਹੈ। 
ਕੁਟੇਸ਼ਨ ਤੋਂ ਬਾਅਦ ਸਟੀਵ ਜਾਬਸ ਦੇ ਜ਼ਿੰਦਗੀ ਦੇ ਹਰ ਪੜ੍ਹਾਅ ਦਾ ਵੇਰਵਾ ਹੈ ਤੇ ਅੰਤ ਵਿੱਚ ਐਪਲ ਨੂੰ ਲਿਖੀ resignation letter ਹੈ।
ਮੇਰੇ ਖਿਆਲ ਨਾਲ ਇਹ ਕਿਤਾਬ ਉਹਨਾਂ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ। ਜਿਹੜੇ ਕੁੱਝ ਅਲੱਗ ਕਰਨ ਦੀ ਤੇ ਅੱਗੇ ਵੱਧਣ ਦੀ ਸੋਚਦੇ ਹਨ। ਬਹੁਤ ਕੁਝ ਹੈ ਇਸ 'ਚ ਸਿੱਖਣ ਲਈ।

post

ਸੁਪਨਸਾਜ਼" - THE ALCHEMIST ਇਕ ਜਾਦੂਈ ਕਿਤਾਬ


Sep 05, 2020

ਅਸੀ ਸੁਪਨੇ ਲੈਂਦੇ ਹਾਂ ਕੁਝ ਵੱਡਾ ਕਰਨ ਦੀ ਸੋਚਦੇ ਹਾਂ, ਕੁਝ ਨਹੀਂ ਤੁਰਦੇ, ਕੁਝ ਤੁਰ ਪੈਂਦੇ ਹਨ। ਸੁਪਨੇ ਪੂਰੇ ਕਰਨ ਲਈ, ਜੂਝਦੇ ਹਾਂ ਹਲਾਤਾਂ ਨਾਲ ਆਪਣੇ ਸੁਪਨਿਆਂ ਲਈ। ਜਿਵੇਂ ਬਜ਼ਾਰ ਵਿਚ ਕੋਈ ਚੀਜ਼ ਲੈਣ ਲਈ ਉਸਦਾ ਮੁੱਲ ਤਾਰਨਾ ਪੈਂਦਾ ਹੈ। ਉਂਝ ਹੀ ਮੁੱਲ ਤਾਰਦੇ ਹਾਂ। ਆਪਣੇ ਸੁਪਨਿਆਂ ਲਈ ਆਪਣੀ ਨੀਂਦ ਤਿਆਗ ਕੇ, ਆਪਣਾ ਆਰਾਮ ਤਿਆਗ ਕੇ, ਆਪਣਾ ਮਨੋਰੰਜਨ ਤਿਆਗ ਕੇ ,ਔਖਾ ਲੱਗਦਾ ਹੈ ਇਹ ਸਭ, ਕਿਉਂਕਿ ਆਰਾਮ ਕਰਨਾ, ਸੌਣਾ ਬਹੁਤ ਸੋਖਾ ਹੁੰਦਾ ਹੈ, ਸੁਪਨਿਆਂ ਦੇ ਲਈ ਮਿਹਨਤ ਕਰਨ ਨਾਲੋਂ। ਪਰ ਅਸੀਂ ਇਹ ਸਭ ਆਪਣੇ ਸੁਪਨਿਆਂ ਦੀ ਕੀਮਤ ਦੇ ਰੂਪ ਵਿਚ ਭਰਦੇ ਹਾਂ। ਫਿਰ ਕਈ ਵਾਰ ਕਿ ਹੁੰਦਾ ਹੈ ਕਿ ਸਾਡੀ ਅੰਦਰਲੀ ਚਿੰਗਾਰੀ ਬੁੱਝ ਜਾਂਦੀ ਹੈ, ਤੇ ਅਸੀਂ ਉਸ ਸੁਪਨੇ ਦਾ ਪਿੱਛਾ ਕਰਨਾ ਛੱਡ ਦਿੰਦੇ ਹਾਂ। ਇਸਦੇ ਕਈ ਕਾਰਣ ਹੁੰਦੇ। ਕਈ ਵਾਰ ਅਸੀਂ ਥੱਕ ਜਾਂਦੇ ਹਾਂ, ਤੇ ਕਈ ਵਾਰ ਅਸੀਂ ਇਕ comfort zone ਵਿਚ ਰੁੱਕ ਜਾਂਦੇ ਹਾਂ, ਮਹਿਸੂਸ ਕਰਦੇ ਹਾਂ ਕਿ ਇੱਥੇ ਹੀ ਅਸੀਂ ਸੰਤੁਸ਼ਟ ਹਾਂ। ਅਸੀਂ ਜੀਵਨ ਦੇ ਚੱਕਰ ਵਿਚ ਫੱਸ ਜਾਂਦੇ ਹਾਂ, ਭੁੱਲ ਜਾਂਦੇ ਹਾਂ ਆਪਣੇ ਸੁਪਨੇ। ਫਿਰ ਸੁਪਨੇ, ਸੁਪਨੇ ਹੀ ਰਹਿ ਜਾਂਦੇ ਹਨ। 1-2 ਸਾਲ ਆਪਣਾ comfort zone ਤੇ ਆਪਣਾ ਇਸ ਵਿਚ ਰਹਿਣ ਦਾ ਫੈਂਸਲਾ ਠੀਕ ਲੱਗਦਾ ਹੈ, ਤੇ ਫਿਰ ਸੁਪਨੇ ਆਉਂਦੇ ਹਨ, ਵਾਪਸ ।ਸਮਾਂ ਲੰਘ ਜਾਂਦਾ ਹੈ। ਸੁਪਨੇ ਮਨ ਨੂੰ ਕਟੋਚਦੇ ਹਨ। ਕਿਉਂ ਨਹੀਂ ਕੀਤੀ ਉਦੋਂ ਹਿੰਮਤ, ਕਿਉਂ ਆਲਸ ਪਾਇਆ ਸੀ। ਮੈਂਨੂੰ ਲੱਗਦਾ ਜੇ ਆਪਣੇ ਸੁਪਨੇ ਨਾ ਪੂਰੇ ਕੀਤੇ ਤਾਂ ਬੱਚਿਆਂ ਨੂੰ ਸੁਣਾਉਣ ਲਈ ਆਮ ਕਹਾਣੀਆਂ ਹੀ ਹੋਣਗੀਆਂ। ਪਰ ਜੇਕਰ ਪੂਰੇ ਕਰ ਲਏ ਤਾਂ ਉਹ ਸੱਚੀਆਂ ਕਹਾਣੀਆਂ ਹੋਣਗੀਆਂ। ਮੇਰੀਆਂ ਆਪਣੀਆਂ। ਆਪਣੇ ਅੰਤਮ ਵੇਲੇ ਮੈਂਨੂੰ ਆਪਣੇ ਮਨ ਵਿਚ ਕਹਾਣੀਆਂ ਚਾਹੀਦੀਆਂ ਹਨ ਨਾਂ ਕਿ ਜ਼ਿੰਦਾ ਦਫ਼ਨ ਸੁਪਨੇ। 

"ਸੁਪਨਸਾਜ਼" - THE ALCHEMIST ਇਕ ਜਾਦੂਈ ਕਿਤਾਬ, ਪਾਉਲੋ ਕੋਲਹੋ ਦਾ ਇਕ ਨਾਵਲ। ਇੱਕ Quote ਬਹੁਤ ਇੰਟਰਨੈੱਟ ਉੱਪਰ ਪੜਿਆ ਕਿ "BOOK ARE UNIQUELY PORTABLE MAGIC". ਅੱਜ ਯਕੀਨ ਹੋ ਗਿਆ। ਸੱਚੀ ਕਿਤਾਬ ਹੱਥ ਵਿਚ ਫੜੀ ਕਿ ਇੰਝ ਮਹਿਸੂਸ ਹੋਇਆ ਜਿਵੇਂ ਇਕ MAGIC WAND ਹੋਵੇ। ਇੰਨੀ ਵਧੀਆ ਲੱਗੀ ਕਿਤਾਬ ਕਿ ਇਸੇ ਲੇਖਕ ਦੀਆਂ ਬਾਕੀ ਕਿਤਾਬਾਂ ਪੜਨ ਦਾ ਮਨ ਕਰ ਆਇਆ। "ਸੁਪਨਸਾਜ਼" ਹੈ ਤਾਂ ਇੱਕ ਨਾਵਲ, ਪਰ ਇਕ ਮੋਟੀਵੇਸ਼ਨਲ SELF HELP ਕਿਤਾਬ ਲੱਗੀ। ਸ਼ਬਦਾਂ ਵਿਚ ਜਾਦੂ ਹੈ। ਹਰੇਕ ਅੱਖਰ ਇਸਦਾ ਮੁੱਲ ਮੋੜਦਾ ਹੈ। 

"ਸੁਪਨਸਾਜ਼" ਪਤਾ ਨਹੀਂ ਕੀ ਹੈ, ਇਹ ਸਾਨੂੰ ਸੁਪਨੇ ਲੈਣਾ ਸਿਖਾਉਂਦੀ ਹੈ। ਸੁਪਨਿਆਂ ਲਈ ਮਿਹਨਤ ਕਰਨਾ ਦੱਸਦੀ ਹੈ। ਸੁਪਨੇ ਪੂਰੇ ਕਰਨ ਦਾ ਤਰੀਕਾ ਦੱਸਦੀ ਹੈ। ਸੁਪਨੇ ਪੂਰੇ ਕਰਨ ਲਈ ਉਤਸਾਹਿਤ ਕਰਦੀ ਹੈ। ਉਮੰਗ ਭਰਦੀ ਹੈ। ਹੋਂਸਲਾ ਦਿੰਦੀ ਹੈ। ਬਾਂਹ ਫੜਦੀ ਹੈ। ਨਾਲ ਲੈ ਕੇ ਚੱਲਦੀ ਹੈ। ਇਹ ਸਭ ਪਾਉਲੋ ਕੋਲਹੋ ਅਧਿਆਤਮਿਕਤਾ ਯਥਾਰਥਵਾਦ ਤੇ ਰੇਗਿਸਤਾਨ ਲੋਕ ਗਾਥਾ ਦੇ ਇੱਕਠ ਨਾਲ ਇਕ ਨਾਵਲ ਦੇ ਰੂਪ ਵਿਚ ਲਿਖ ਦਿੱਤਾ ਹੈ।

post

The Book Thief


Oct 26, 2020

"The Book Thief" Markus Zusak ਦਾ ਲਿਖਿਆ ਨਾਵਲ ਹੈ। ਕਿਤਾਬ ਵਿੱਚ "ਮੌਤ" ਸਾਰੀ ਕਹਾਣੀ ਸੁਣਾਉਂਦੀ ਹੈ। ਕਹਾਣੀ ਦੀ ਪਿੱਠ ਭੂਮੀ WWII ਦੇ ਸਾਲ ਹਨ। ਜਦ ਜਰਮਨੀ ਤੇ ਰੂਸ ਦੀ ਲੜਾਈ ਪੂਰੇ ਜ਼ੋਰ ਤੇ ਸੀ। liseal ਇਕ ਛੋਟੀ ਲੜਕੀ ਜਿਸਨੂੰ ਉਸਦੀ ਮਾਂ ਉਸਦੇ ਛੋਟੇ ਭਰਾ ਸਮੇਤ ਕਿਸੇ ਹੋਰ ਕੋਲ ਰਹਿਣ ਲਈ ਛੱਡਣ ਜਾ ਰਹੀ ਹੈ ਕਿਉਂਕਿ ਉਹ ਉਸਨੂੰ ਪਾਲ ਨਹੀਂ ਸਕਦੀ । ਟਰੇਨ ਵਿੱਚ ਭਰਾ ਦੀ ਮੌਤ ਤੇ ਉਸ ਨੂੰ ਦਫ਼ਨਾਉਣ ਸਮੇਂ liseal ਉਥੋਂ ਕਬਰ ਪੁੱਟਣ ਵਾਲੇ ਦੀ ਡਿੱਗੀ ਕਿਤਾਬ ਚੁੱਕ ਲੈਂਦੀ ਹੈ। ਇਥੋਂ ਸ਼ਬਦਾਂ ਨਾਲ ਸਾਂਝ ਸ਼ੁਰੂ ਹੁੰਦੀ ਹੈ।
WWII ਦੇ ਇਸ ਔਖੇ ਸਮੇਂ ਵਿੱਚ ਇਹ ਪਰਿਵਾਰ ਇਕ ਯਹੂਦੀ ਨੂੰ ਆਪਣੇ ਘਰ ਸ਼ਰਣ ਦਿੰਦਾ ਹੈ। Max ਜਿਆਦਾ ਸਮੇਂ ਬੇਸਮੇੰਟ ਵਿੱਚ ਬਿਤਾ ਕੇ Mein kamph(My struggle) ਦੇ ਸਫ਼ੇ ਤੇ ਪੇਂਟ ਕਰਕੇ ਕਿਤਾਬ ਲਿਖਦਾ ਹੈ।ਇਕ ਉਹ liseal ਨੂੰ ਗਿਫਟ ਕਰਦਾ ਹੈ ਤੇ ਦੂਸਰੀ ਉਸਦੇ ਸਮਾਂ ਆਉਣ ਤੇ ਪੜ੍ਹਨ ਲਈ ਰੱਖ ਦਿੰਦਾ ਹੈ। 
ਕਿਸੇ ਨੇ ਪੁੱਛਿਆ "ਅੱਜਕਲ ਪੜ੍ਹਿਆ ਜਾ ਰਿਹਾ ਹੈ"
ਕਿਹਾ "The book Thief"
ਇਹ ਕਿਸ ਵਿਸ਼ੇ ਤੇ ਹੈ?
ਇਹ ਹਿਟਲਰ ਦੇ ਸਮੇਂ ਤੇ ਯਹੂਦੀ ਨਰਸੰਹਾਰ ਦੇ ਸਮੇਂ ਦੀ ਕਹਾਣੀ ਹੈ।
ਕਹਿੰਦਾ "ਇਹ ਗੱਲਾਂ ਪੁਰਾਣੀਆਂ ਹੋ ਗਈਆਂ ਹੁਣ"
ਜੇ ਕਿਸੇ ਨੇ white tiger ਫਿਲਮ ਦੇਖੀ ਹੋਵੇ ਉਸ ਵਿੱਚ ਇਕ ਬਹੁਤ ਡੂੰਘਾ ਸੰਦੇਸ਼ ਚਲਦਾ। ਕਹਾਣੀ ਟੈਂਕਾਂ ਦੀ ਲੜਾਈ ਦੀ ਹੈ। ਪਰ ਸੰਦੇਸ਼ ਅਲੱਗ ਹੈ।
ਫਿਲਮ 'ਚ ਇਕ ਟੈਂਕ ਕਰੂ ਦੇ ਮੈਂਬਰ ਇਵਾਨ ਜੋ ਕਿ ਜਰਮਨੀ ਦੇ ਇਕ ਬਹੁਤ ਖਾਸ ਟੈਂਕ(ਚਿੱਟਾ ਟੈਂਕ) ਦੇ ਹਮਲੇ ਕਰਕੇ ਆਪਣੇ ਟੈਂਕ ਵਿੱਚ 85% ਸੜ ਜਾਂਦਾ, ਪਰ ਬਚ ਜਾਂਦਾ ਹੈ। ਠੀਕ ਹੋਣ ਤੇ ਉਹ ਫਿਰ ਜੰਗ ਵਿੱਚ ਉਤਰਦਾ ਹੈ। ਜਰਮਨੀ ਦਾ ਉਹ ਚਿੱਟਾ ਟੈਂਕ ਇਕ ਰਹੱਸਮਈ ਜਿਹਾ ਟੈਂਕ ਹੈ ਜੋ ਅਚਾਨਕ ਜੰਗ ਦੇ ਮੈਦਾਨ 'ਚੋਂ ਗਾਇਬ ਹੋ ਜਾਂਦਾ ਹੈ ਤੇ ਅਗਲੇ ਪਲ ਕਿਸੇ ਟੈਂਕ ਤੇ ਹਮਲਾ ਕਰਨ ਲਈ ਉਸਦੇ ਇਕਦਮ ਪਿੱਛੇ ਹੁੰਦਾ ਹੈ। ਬਹੁਤ ਕੋਸ਼ਿਸ਼ ਤੋਂ ਬਾਅਦ ਫ਼ਿਲਮ ਦੇ ਅੰਤ ਵਿੱਚ ਇਵਾਨ ਉਸ ਟੈਂਕ ਦੀ ਤੋਪ ਨੂੰ ਤੋੜ ਦਿੰਦਾ ਹੈ। ਪਰ ਆਪਣੇ ਟੈਂਕ ਦੀ ਤਕਨੀਕੀ ਖਰਾਬੀ ਕਰਕੇ ਉਹ ਟੈਂਕ ਨੂੰ ਤਬਾਹ ਨਹੀਂ ਕਰ ਪਾਉਂਦਾ। ਬੇਕਾਰ ਹੋਇਆ ਚਿੱਟਾ ਟੈਂਕ ਉਥੋਂ ਚਲਾ ਜਾਂਦਾ ਹੈ। ਜੰਗ ਲਗਭਗ ਖ਼ਤਮ ਹੈ। ਇਵਾਨ ਅਜੇ ਵੀ ਤਿਆਰੀ 'ਚ ਹੈ।ਕੋਈ ਉਸਨੂੰ ਪੁੱਛਦਾ ਹੈ ਜੰਗ ਤਾਂ ਖਤਮ ਹੈ ਤਾਂ ਉਹ ਕਹਿੰਦਾ ਕਿ ਉਹ ਚਿੱਟਾ ਟੈਂਕ ਫਿਰ ਵਾਪਿਸ ਆਵੇਗਾ। ਸ਼ਾਇਦ ਕਿਸੇ ਹੋਰ ਰੂਪ ਵਿੱਚ। ਉਸਦੇ ਲਈ ਤਿਆਰੀ ਰੱਖਣੀ ਜ਼ਰੂਰੀ ਹੈ।
ਉਸ ਚਿੱਟੇ ਟੈਂਕ ਨੂੰ ਅਸੀਂ ਫਾਸੀਵਾਦ ਜਾਂ ਨਾਜੀਵਾਦ ਮੰਨ ਸਕਦੇ ਹਾਂ। ਦੇਖ ਸਕਦੇ ਹਾਂ ਕਿ ਇਹ ਚਿੱਟਾ ਟੈਂਕ ਬਾਰ ਬਾਰ ਵਾਪਿਸ ਆਉਂਦਾ ਹੈ ਪਰ ਰੂਪ ਬਦਲ ਕੇ।
ਇਕ ਸਫ਼ੇ ਤੇ ਕਿਸੇ ਸਮੇਂ ਮੁੱਕੇਬਾਜ਼ ਰਿਹਾ ਯਹੂਦੀ Max ਬੇਸਮੇੰਟ ਵਿਚ ਆਪਣੇ ਆਪ ਨੂੰ ਹਿਟਲਰ ਨਾਲ ਰਿੰਗ 'ਚ ਮੁਕਾਬਲਾ ਕਰਦਾ ਚਿਤਵਦਾ ਹੈ। ਮੁਕਬਾਲੇ ਵਿਚ ਹਾਰ ਕਿਨਾਰੇ ਖੜ੍ਹੇ ਹਿਟਲਰ ਦਾ ਕੁਝ ਭਾਸ਼ਣ ਹੈ। ਉਹ ਸਫ਼ਾ ਪੜ੍ਹ ਕੇ ਦੇਖਿਆ ਜਾਵੇ ਤੁਹਾਨੂੰ ਸ਼ਬਦਾਂ ਦੀ ਵਰਤੋਂ ਦੀ ਸ਼ਕਤੀ ਦਾ ਪਤਾ ਚੱਲ ਜਾਵੇਗਾ।
ਹੁਣ ਉਸ ਵਿਅਕਤੀ ਜੋ ਪੁੱਛ ਰਿਹਾ ਸੀ ਕਿ ਪੜ੍ਹ ਰਹੇ ਹੋ? ਦੇ ਕਹਿਣ ਮੁਤਾਬਿਕ ਸ਼ਾਇਦ ਹਿਟਲਰ,ਨਾਜੀ, ww2 ਪੁਰਾਣੀਆਂ ਗੱਲਾਂ ਹਨ। ਪਰ ਧਿਆਨ ਨਾਲ ਦੇਖੋ ਤਾਂ ਅਜੇ ਵੀ ਰੂਪ ਬਦਲ ਕੇ ਸਾਡੇ ਸਾਹਮਣੇ ਹਨ।
ਹਿਟਲਰ ਦੇ ਉਸ ਭਾਸ਼ਨ ਨੇ ਪਹਿਲਾਂ ਤੋਂ ਹੀ ਮਨ ਵਿੱਚ ਬੈਠੇ ਇਕ ਡਰ ਨੂੰ ਹੋਰ ਮਜਬੂਤ ਕਰ ਦਿੱਤਾ।
ਕਿਤਾਬ ਵਿਚ ਗਿਣੇ ਚੁਣੇ ਪਾਤਰ ਹਨ।ਪਰ ਉਹਨਾਂ ਸਭ ਨੂੰ ਬਹੁਤ ਵਧੀਆ ਢੰਗ ਨਾਲ ਦਿਖਾਇਆ ਗਿਆ ਹੈ। liseal, Papa, Mama, Mayor's wife, Rudy, Max ਸਭ ਪ੍ਰਭਾਵਸ਼ਾਲੀ ਪਾਤਰ ਹਨ।
Rudy ਇਕ ਪਿਆਰਾ ਲੜਕਾ ਹੈ। ਜਦ ਵੀ ਕੋਈ ਕੰਮ Liseal ਲਈ ਕਰਦਾ ਹੈ ਤਾਂ ਉਸ ਤੋਂ ਕਿਸ ਮੰਗਦਾ ਹੈ। ਨਹੀਂ ਮਿਲਦੀ ਪਰ। ਅੰਤ ਵਿੱਚ ਮਿਲਦੀ ਹੈ ਜਦੋਂ Rudy ਦੀ ਆਤਮਾ ਮੌਤ ਦੀਆਂ ਬਾਹਵਾਂ ਵਿੱਚ ਉੱਪਰ ਜਾਣ ਦੀ ਤਿਆਰੀ ਵਿਚ ਹੁੰਦੀ ਹੈ। ਪਤਾ ਨਹੀਂ Rudy ਉਸ ਸਮੇਂ ਖੁਸ਼ ਹੋਇਆ ਹੋਵੇਗਾ ਜਾਂ ਦੁਖੀ Liseal ਨੂੰ ਰੋਂਦੀ ਦੇਖ ਕੇ ਕਿਵੇ ਖੁਸ਼ ਹੋ ਸਕਦਾ?
Liseal ਤੋਂ ਬਾਅਦ Rudy ਦੇ ਕਰੈਕਟਰ ਨੇ ਸਭ ਤੋਂ ਜਿਆਦਾ ਪ੍ਰਭਾਵਿਤ ਕੀਤਾ। 
ਨਾਵਲ ਦੱਸਦਾ ਕਿ ਕਿਵੇਂ ਸਾਫ਼ ਮਨ ਨੂੰ ਪ੍ਰਾਪੇਗੰਡਾ ਸਿਖਾਇਆ ਜਾਂਦਾ ਹੈ। ਤੇ ਉਸਦਾ ਹਿੱਸਾ ਬਣਾਇਆ ਜਾਂਦਾ ਹੈ। 
ਅੱਖ ਸ਼ਬਦਾਂ ਦੀ ਤਾਕਤ ਦੇ ਦੁਸ਼ਪ੍ਰਭਾਵ ਕਾਰਨ ਜਦ Liseal ਦੇ ਪਿਤਾ ਨੂੰ ਜੰਗ ਤੇ ਜਾਣਾ ਪੈਂਦਾ ਹੈ ਤਾਂ Liseal ਮੇਅਰ ਦੀ ਲਾਇਬ੍ਰੇਰੀ ਵਿਚ ਜਾ ਕੇ ਕਿਤਾਬ ਦੇ ਸਫ਼ੇ ਪਾੜ ਦਿੰਦੀ ਹੈ। ਉਹ ਸ਼ਬਦਾਂ ਨੂੰ ਅਲੱਗ ਅਲੱਗ ਕਰਨਾ ਚਾਹੁੰਦੀ ਹੈ।
ਜਿਵੇ ਚੌਥੀ ਕੂਟ ਕਿਤਾਬ ਦੀ ਕਹਾਣੀ "ਮੈਂ ਹੁਣ ਠੀਕ ਠਾਕ ਹਾਂ" ਵਿਚ ਜਿਵੇਂ ਪੰਜਾਬ ਦੇ ਸੰਕਟ ਸਮੇਂ ਦੁੱਖ ਭੁਗਤਦੇ ਲੋਕਾਂ ਦੀ ਮਨੋਸਥਿਤੀ ਦਿਖਾਈ ਹੈ ਉਂਜ ਹੀ ਅਸਲ ਵਿੱਚ ਜੰਗ ਦਾ ਦੁੱਖ ਭੋਗਦੇ ਲੋਕਾਂ ਦੀ ਜੀਵਨ ਦਿਖਾਇਆ ਹੈ।
ਕਿਤਾਬ ਅਰਾਮ ਨਾਲ ਪੜ੍ਹਨ ਵਾਲੀ ਹੈ। ਪਰ ਸ਼ਾਇਦ ਅਜਿਹੀ ਕਿਤਾਬ ਹੈ ਜਿਸਨੂੰ ਤੁਸੀਂ ਕਹੋਗੇ ਕਿ ਚੱਲ ਇਕ ਚੈਪਟਰ ਹੋਰ ਪੜ੍ਹ ਲਈਏ ਚੱਲ, ਇਕ ਹੋਰ ਤੇ ਅਜਿਹਾ ਹੈ ਕਿ ਜਿਸਨੂੰ ਪੜ੍ਹਦੇ ਸਮੇਂ ਥੱਲੇ ਰੱਖਣਾ ਤਾਂ ਮੁਸ਼ਕਿਲ ਹੈ ਹੀ ਪੜ੍ਹਨ ਤੋਂ ਬਾਅਦ ਵੀ ਤੁਸੀਂ ਥੱਲੇ ਨੂੰ ਰੱਖ ਪਾਉਂਦੇ ਕਾਫੀ ਦੇਰ।
ਬਾਕੀ ਰੂਪ ਬਦਲ ਕੇ ਆਉਂਦੇ ਚਿੱਟੇ ਟੈਂਕ ਨੂੰ ਪਹਿਚਾਨਣ ਤੇ ਸ਼ਬਦਾਂ ਦੀ ਤਾਕਤ ਤੋਂ ਸਾਵਧਾਨ ਰਹਿਣ ਦੀ ਲੋੜ ਹੈ।

Select Language